ਮੈਂ ਵੇਲ ਹਾਂ, ਲਿਪਟੀ ਹਾਂ ਤੇਰੇ ਆਸਰੇ ਪਰ ਕਮਜ਼ੋਰ ਨਹੀਂ ਹਾਂ ।
ਇਹ ਤਾਂ ਮੇਰੀ ਫਿਤਰਤ ਹੈ -ਤੈਨੂੰ ਵਡਿਆਓਣ ਦੀ,
ਤੈਨੂੰ ਉਚਿਆਉਣ ਦੀ ਮੈਨੂੰ ਕਮਜ਼ੋਰ ਕਰਨ ਦੀ ਭੁੱਲ ਨਾ ਕਰੀਂ …
ਮੰਗਦੀ ਹਾਂ ਤੇਰੀ ਛਾਂ ਕਿ ਤੇਰਾ ਗਰੂਰ ਬਣਿਆ ਰਹੇ
ਤੱਕਦੀ ਹਾਂ ਤੇਰਾ ਰਾਹ ਕਿ ਤੇਰਾ ਸਰੂਰ ਬਣਿਆ ਰਹੇ
ਝੁਕਦੀ ਹਾਂ ਤੇਰੇ ਅੱਗੇ ਕਿ ਤੇਰੀ ਸ਼ਾਨ ਵਧਦੀ ਰਹੇ
ਨਿਮਾਣੀ ਹਾਂ ਤੇ ਇਸ ਲਈ ਕਿ ਤੇਰਾ ਮਾਣ ਬਣਿਆਂ ਰਹੇ ਪਰ-
ਤੂੰ ਮੇਰਾ ਅੰਨਦਾਤਾ ਨਹੀਂ ਤੇ ਨਾਂ ਹੀ ਮੈਲ਼ ਤੇਰੀ ਚੰਮ ਦੀ ਗੁੱਡੀ ਸਗੋਂ ਮੈਂ ਤਾਂ ਤੇਰੀ ਅੰਨਪੂਰਣਾ ਹਾਂ ।
ਇਹ ਘਰ ਵੀ ਮੇਰੇ ਸਦਕੇ ਤੇ ਇਹ ਜਗ ਵੀ ਮੇਰੇ ਸਦਕੇ
ਮੈਂ ਤਾਂ ਤੇਰੀ ਗ੍ਰਹਿਸਥ ਰੂਪੀ ਰੱਥ ਦਾ ਉਹ ਪਹੀਆ ਹਾਂ
ਜੋ ਤੇਰੇ ਰੱਥ ਨੂੰ ਵੀ ਰੇੜ੍ਹਦਾ ਹੈ
ਤੇ ਫਿਰ ਗ੍ਰਹਿਸਥ ਚੱਕੀ ਦਾ ਹੇਠਲਾ ਪੁੜ ਵੀ ਬਣ ਜਾਂਦਾ ਹੈ ।
ਮੈਂ ਹੀ ਸਾਂ ਜੋ ਕਦੀ ਭਗੌਤੀ ਬਣੀ ਤੇ
ਕਦੀ ਮਾਂ ਦੁਰਗਾ ਤੇ ਕਦੀ ਮਾਂ ਕਾਲੀ ਬਣ ਕੇ ਦੁਸ਼ਮਣਾਂ ਦਾ ਸੰਹਾਰ ਕਰਦੀ ਰਹੀ
ਕਦੀ ਪਾਰਬਤੀ ਤੇ ਫਿਰ ਸਤੀ ਬਣ ਕੇ ਤੇਰੀ ਚਿਖਾ ਵਿਚ ਜ਼ਿੰਦਾ ਵੀ ਸੜਦੀ ਰਹੀ—
ਝਾਂਸੀ ਦੀ ਰਾਣੀ ਵੀ ਮੈਂ ਸਾਂ ਤੇ ਮਦਰ ਟੈਰੇਸਾ ਵੀ ਮੇਰਾ ਹੀ ਰੂਪ ਸੀ ।
ਹਾਂ, ਮੈ ਬੇਲ ਹਾਂ-ਤੇਰੇ ਗਲ ਲਗੀ ਪਰ ਨਿਤਾਣੀ ਨਹੀਂ ਹਾਂ ।
ਇਹ ਤਾਂ ਮੇਰੀ ਫਿਤਰਤ ਹੈ-ਤੈਨੂੰ ਵਡਿਆਉਣ ਦੀ,
ਤੈਨੂੰ ਉਚਿਆਉਣ ਦੀ ਮੈਨੂੰ ਅਬਲਾ ਸਮਝਣ ਦੀ ਭੁੱਲ ਨਾ ਕਰੀਂ ।
Read More..
No comments:
Post a Comment